
ਜਲੰਧਰ (ਪ੍ਰੋਫੈਸਰ ਮਨਜੀਤ ਢੱਲ) : 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਭਾਰਤੀ ਰੇਲਵੇ ਦਿੱਲੀ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਨਾਲ ਐਤਵਾਰ ਬਾਅਦ ਦੁਪਿਹਰ 2-00 ਵਜੇ ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਹੋਵੇਗਾ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਆ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਜਦਕਿ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਸ਼ਨੀਵਰ ਨੂੰ ਖੇਡੇ ਗਏ ਪਹਿਲੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਦਿੱਲੀ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਸਥਾਨ ਬਣਾਇਆ। ਦੂਜੇ ਸੈਮੀਫਾਇਨਲ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਪੰਜਾਬ ਪੁਲਿਸ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਸਥਾਨ ਬਣਾਇਆ। ਭਾਰਤੀ ਰੇਲਵੇ ਤੀਜੀ ਵਾਰ ਫਾਇਨਲ ਵਿੱਚ ਪਹੁੰਚੀ ਹੈ ਜਦਕਿ ਪੰਜਾਬ ਐਂਡ ਸਿੰਧ ਬੈਂਕ 18ਵੀ ਵਾਰ ਫਾਇਨਲ ਵਿੱਚ ਪਹੁੰਚੀ ਹੈ। ਬੈਂਕ ਪਿਛਲੇ ਸਾਲ ਦੀ ਵੀ ਜੇਤੂ ਹੈ। ਪਹਿਲਾ ਸੈਮੀਫਾਇਨਲ ਪੰਜਾਬ ਨੈਸ਼ਨਲ ਬੈਂਕ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਬਹੁਤ ਤੇਜ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਅੱਧ ਵਿੱਚ ਰੇਲਵੇ ਨੇ ਲਗਾਤਾਰ ਆਪਣਾ ਦਬਦਬਾ ਬਣਇਆ ਪਰ ਅੱਧੇ ਸਮੇਂ ਤੱਕ ਕੋਈ ਗੋਲ ਨਹੀਂ ਹੋ ਸਕਿਆ।

ਮੁੱਖ ਮਹਿਮਾਨ ਮੇਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਬਾਵਾ ਹੈਨਰੀ ਨੇ ਟੀਮਾਂ ਨਾਲ ਜਾਣ-ਪਛਾਣ ਕਰਦੇ ਹੋਏ। ਉਨ੍ਹਾਂ ਨਾਲ ਸੁਰਜੀਤ ਹਾਕੀ ਸੋਸਾਇਟੀ ਦੇ ਮੈਂਬਰ ਨਜ਼ਰ ਆ ਰਹੇ ਹਨ।
ਖੇਡ ਦੇ ਤੀਜੇ ਕਵਾਰਟਰ ਦੇ 34ਵੇਂ ਮਿੰਟ ਵਿੱਚ ਪ੍ਰਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਭਾਰਤੀ ਰੇਲਵੇ ਨੂੰ 1-0 ਨਾਲ ਅੱਗੇ ਕਰ ਦਿੱਤਾ। ਖੇਡ ਦੇ 54ਵੇਂ ਮਿੰਟ ਵਿੱਚ ਰੇਲਵੇ ਦੇ ਵਰਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਭਗਤ ਸਿੰਘ ਢਿਲੋਂ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ ਪਰ ਹਾਰ ਤੋਂ ਨਾ ਬਚ ਸਕੇ। ਭਾਰਤੀ ਰੇਲਵੇ ਤੀਜੀ ਵਾਰ ਟੂਰਨਾਮੈਂਟ ਦੇ ਫਾਇਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ 2015 ਵਿੱਚ ਜੇਤੂ ਰਹੀ ਅਤੇ 2018 ਵਿੱਚ ਉਪ ਜੇਤੂ ਰਹੀ ਹੈ। ਦੂਜੇ ਸੈਮੀਫਾਇਨਲ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ ਦੂਜੇ ਕਵਾਰਟਰ ਦੇ 25ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਪੁਲਿਸ ਨੇ ਲਗਾਤਾਰ ਹਮਲੇ ਕੀਤੇ ਪਰ ਕੋਈ ਲਾਭ ਨਹੀਂ ਹੋਇਆ। ਖੇਡ ਦੇ ਚੌਥੇ ਕਵਾਰਟਰ ਵਿੱਚ ਪੁਲਿਸ ਨੇ ਗੋਲ ਕਰਨ ਦੇ ਕਈ ਮੌਕੇ ਗਵਾਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਬਾਵਾ ਹੈਨਰੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਐਲ.ਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਤਰਸੇਮ ਸਿੰਘ ਪੁਆਰ, ਸੁਖਵਿੰਦਰ ਸਿੰਘ ਲਾਲੀ, ਉਲੰਪੀਅਨ ਸੰਜੀਵ ਕੁਮਾਰ, ਕ੍ਰਿਪਾਲ ਸਿੰਘ ਮਠਾਰੂ, ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਕਰਨਲ ਬਲਬੀਰ ਸਿੰਘ, ਉਲੰਪੀਅਨ ਹਰਦੀਪ ਸਿੰਘ ਗਰੇਵਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
31 ਅਕਤੂਬਰ ਦਾ ਮੈਚ (ਫਾਇਨਲ)
- ਭਾਰਤੀ ਰੇਲਵੇ ਦਿੱਲੀ ਬਨਾਮ ਪੰਜਾਬ ਐਂਡ ਸਿੰਧ ਬੈਂਕ ਦਿੱਲੀ – 2-00 ਵਜੇ








