BREAKINGDOABAJALANDHARPUNJAB

ਸੀ.ਪੀ.ਆਈ. (ਐਮ-ਐਲ) ਵੱਲੋਂ ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ਵਿੱਚ ਮੁਜ਼ਾਹਰੇ ਕਰਨ ਦਾ ਸੱਦਾ
ਸੰਸਾਰ ਅਮਨ ਵਾਸਤੇ ਨਾਟੋ ਸਮੇਤ ਬਾਕੀ ਫੌਜੀ ਗਠਜੋੜ ਭੰਗ ਕੀਤੇ ਜਾਣ

ਜਲੰਧਰ (ਨਿਊਜ਼ ਲਿੰਕਰਸ ਬਿਊਰੋ ) : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਸੂਬਾ ਕਮੇਟੀ ਨੇ ਯੂਕਰੇਨ ਉੱਪਰ ਰੂਸ ਦੇ ਫੌਜੀ ਹਮਲੇ ਵਿਰੁੱਧ ਲੋਕ ਰਾਇ ਲਾਮਬੰਦ ਕਰਨ ਲਈ ਸੂਬੇ ਦੇ ਲੋਕਾਂ ਨੂੰ ਜ਼ੋਰਦਾਰ ਢੰਗ ਨਾਲ ਅਮਨ-ਅਮਾਨ ਲਈ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ 28 ਫ਼ਰਵਰੀ ਨੂੰ ਪੰਜਾਬ ਭਰ ਵਿੱਚ ਮੁਜ਼ਾਹਰੇ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਨੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਜੰਗ ਦੱਸਿਆ ਹੈ। ਪਾਰਟੀ ਦੇ ਬੁਲਾਰੇ ਕਾਮਰੇਡ ਅਜਮੇਰ ਸਿੰਘ ਨੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਬਣਾਇਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ। ਪਾਰਟੀ ਆਗੂ ਨੇ ਜਿੱਥੇ ਰੂਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਨੂੰ ਵੀ ਇਸ ਹਮਲੇ ਲਈ ਬਰਾਬਰ ਦੇ ਦੋਸ਼ੀ ਗਰਦਾਨਿਆ ਹੈ। ਉਨਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ‘ਜਮਹੂਰੀਅਤ’ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਪਾਰਟੀ ਆਗੂ ਨੇ ਯੂਕਰੇਨ ਦੇ ਹੁਕਮਰਾਨਾਂ ਵੱਲੋਂ ਆਪਣੇ ਦੇਸ਼ ਨੂੰ ਸਾਮਰਾਜੀ ਤਾਕਤਾਂ ਦੀ ਖਹਿ ਦਾ ਨਿਸ਼ਾਨਾ ਬਣ ਜਾਣ ਵਿੱਚ ਨਿਭਾਈ ਭੂਮਿਕਾ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੇਸ਼ ਦੀ ਕੇਂਦਰ ਸਰਕਾਰ ਦੀ ਇਸ ਮਸਲੇ ’ਤੇ ਸਾਮਰਾਜੀ ਤਾਕਤਾਂ ਦੀ ਸੇਵਾ ਵਿੱਚ ਭੁਗਤ ਰਹੀ ਕਮਜ਼ੋਰ ਅਤੇ ਅਸਪੱਸ਼ਟ ਵਿਦੇਸ਼ ਨੀਤੀ ਦੀ ਜੋਰਦਾਰ ਨਿਖੇਧੀ ਕੀਤੀ ਹੈ।ਪਾਰਟੀ ਨੇ ਯੂਕਰੇਨ ਉੱਪਰ ਰੂਸੀ ਫੌਜੀ ਹਮਲੇ ਨੂੰ ਤੁਰੰਤ ਰੋਕੇ ਜਾਣ, ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜਾਂ ਨੂੰ ਤੁਰੰਤ ਭੰਗ ਕੀਤੇ ਜਾਣ ਦੀ ਮੰਗ ਦੇ ਹੱਕ ਵਿੱਚ ਲੋਕਾਂ ਨੂੰ ਜ਼ੋਰਦਾਰ ਆਵਾਜ਼ ਉਠਾਉਣ ਲਈ ਨੂੰ 28 ਫ਼ਰਵਰੀ ਨੂੰ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!