BREAKINGDOABAJALANDHARPOLITICSPUNJAB

🔰ਅਨਮੋਲ ਗਗਨ ਮਾਨ ਦੀ ਖਰੜ ਕੋਠੀ ਅੱਗੇ ਧਰਨਾ 14 ਅਕਤੂਬਰ ਨੂੰ : ਕੁਲਵਿੰਦਰ ਸਿੰਘ ਵੜੈਚ,ਰਾਜ ਸਿੰਘ ਮਲੋਟ
🔰ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਦੀ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ

ਜਲੰਧਰ (ਹਿਤੇਸ਼ ਸੂਰੀ) : ਅੱਜ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੀ (ਇਫਟੂ) ਦੀ ਸੂਬਾ ਕਮੇਟੀ ਦੀ ਮੀਟਿੰਗ ਯੂਨੀਅਨ ਦੇ ਸੂਬਾਈ ਦਫਤਰ ਜਲੰਧਰ ਵਿਖੇ ਹੋਈ ਜਿਸ ਵਿਚ ਮਜਦੂਰ ਮੰਗਾਂ ਨੂੰ ਲੈਕੇ 14 ਅਕਤੂਬਰ ਨੂੰ ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਦੀ ਖਰੜ ਕੋਠੀ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਰਾਜ ਸਿੰਘ ਮਲੋਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲੇ ਮਜਦੂਰ ਪੱਖੀ 34 ਕਿਰਤ ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਚਾਰ ਕਿਰਤ ਕੋਡ ਲੈ ਆਂਦੇ ਹਨ ਜੋ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਹਨ।ਕਿਰਤ ਕਾਨੂੰਨਾਂ ਦਾ ਮਾਮਲਾ ਸਮਵਰਤੀ ਸੂਚੀ ਦਾ ਮਾਮਲਾ ਹੈ ਇਸ ਲਈ ਪੰਜਾਬ ਸਰਕਾਰ ਇਹਨਾਂ ਚਾਰ ਕਿਰਤ ਕੋਡਾਂ ਨੂੰ ਪੰਜਾਬ ਅੰਦਰ ਲਾਗੂ ਕਰਨ ਤੋਂ ਜਵਾਬ ਦੇ ਸਕਦੀ ਹੈ ਅਤੇ ਪੰਜਾਬ ਸਰਕਾਰ ਨੂੰ ਇਹ ਕਿਰਤ ਕੋਡ ਲਾਗੂ ਕਰਨ ਤੋਂ ਕੋਰੀ ਨਾਂਹ ਕਰ ਦੇਣੀ ਚਾਹੀਦੀ ਹੈ।ਸਹ ਕਿਰਤ ਕੋਡ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਘਾਤਕ ਹਮਲਾ ਹਨ ਜੋ ਕਿਰਤੀਆਂ ਨੂੰ ਆਪਣੀ ਜਥੇਬੰਦੀ ਬਣਾਉਣ, ਹੜਤਾਲ ਅਤੇ ਮੁਜਾਹਰਾ ਕਰਨ ਦੇ ਹੱਕ ਖੋਂਹਦੇ ਹਨ,ਸਜਾਵਾਂ ਅਤੇ ਜੁਰਮਾਨਿਆਂ ਦਾ ਹਮਲਾ ਬੋਲਦੇ ਹਨ। ਉਹਨਾਂ ਕਿਹਾ ਕਿ ਕਿਰਤੀਆਂ ਦੀਆਂ ਮੰਗਾਂ ਨੂੰ ਲੈਕੇ ਇਫਟੂ ਦੀ ਕੇਂਦਰੀ ਕਮੇਟੀ ਨੇ ਦੇਸ਼ ਭਰ ਵਿਚ 14 ਅਕਤੂਬਰ ਨੂੰ ਧਰਨੇ ਮੁਜਾਹਰੇ ਕਰਨ ਦਾ ਫੈਸਲਾ ਕੀਤਾ ਹੈ।ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਕਿਰਤ ਵਿਭਾਗ ਦੇ ਕਈ ਦਫਤਰ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਹੋਏ ਹਨ ਜਿੱਥੇ ਕਿਰਤੀਆਂ ਦੇ ਕੰਮ ਢੰਗ ਨਾਲ ਅਤੇ ਨਿਯਮਾਂ ਅਨੁਸਾਰ ਨਹੀਂ ਹੋ ਰਹੇ।ਕਿਰਤੀਆਂ ਨੂੰ ਆਪਣੇ ਕੰਮ ਕਰਾਉਣ ਲਈ ਗੇੜੇ ਤੇ ਗੇੜੇ ਮਾਰਨੇ ਪੈਂਦੇ ਹਨ।ਮਜਦੂਰਾਂ ਦੀ ਰਜਿਸਟਰੇਸ਼ਨ ਵਿਚ ਅੜਿੱਕੇ ਡਾਹੇ ਜਾ ਰਹੇ ਹਨ ,ਉਹਨਾਂ ਦੀਆਂ ਭਲਾਈ ਸਕੀਮਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਵਿਚ ਨਹੀਂ ਪਾਏ ਜਾ ਰਹੇ ਜਦਕਿ ਕਿਰਤ ਵਿਭਾਗ ਦੇ ਬੀ ਓ ਸੀ ਵਿੰਗ ਕੋਲ ਕਿਰਤੀਆਂ ਦੀ ਭਲਾਈ ਦਾ 1200 ਕਰੋੜ ਰੁਪੱਈਆ ਜਮ੍ਹਾਂ ਪਿਆ ਹੈ ਜਿਸਨੂੰ ਕਾਨੂੰਨ ਅਨੁਸਾਰ ਕਿਰਤੀਆਂ ਦੀ ਭਲਾਈ ਤੋਂ ਬਿਨਾਂ ਹੋਰ ਕਿਧਰੇ ਵੀ ਵਰਤਿਆ ਨਹੀਂ ਜਾ ਸਕਦਾ।ਕਿਰਤ ਵਿਭਾਗ ਕਿਰਤੀਆਂ ਦੇ ਇਸ ਭਲਾਈ ਫੰਡ ਉੱਤੇ ਨਾਗ ਕੁੰਡਲੀ ਮਾਰੀ ਬੈਠਾ ਹੈ।ਆਗੂਆਂ ਨੇ ਕਿਹਾ ਕਿ ਇਫਟੂ ਇਕ ਮਹੀਨੇ ਤੋਂ ਮਜਦੂਰਾਂ ਨਾਲ ਸਬੰਧਤ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਕਿਰਤ ਮੰਤਰੀ ਕੋਲੋਂ ਸਮਾਂ ਮੰਗ ਰਹੀ ਹੈ ਪਰ ਕਿਰਤ ਮੰਤਰੀ ਵਲੋਂ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ।ਅਖੀਰ ਆਪਣੀ ਗੱਲ ਕਿਰਤ ਮੰਤਰੀ ਤੱਕ ਪਹੁੰਚਾਉਣ ਲਈ ਇਫਟੂ ਨੂੰ ਕਿਰਤ ਮੰਤਰੀ ਦੇ ਘਰ ਅੱਗੇ ਧਰਨਾ ਲਾਉਣ ਦਾ ਫੈਸਲਾ ਕਰਨਾ ਪਿਆ।ਇਸ ਮੀਟਿੰਗ ਨੂੰ ਇਫਟੂ ਪੰਜਾਬ ਦੇ ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ,ਸੂਬਾਈ ਪ੍ਰੈਸ ਸਕੱਤਰ ਜਸਬੀਰ ਦੀਪ, ਜੁਗਿੰਦਰ ਪਾਲ ਗੁਰਦਾਸ ਪੁਰ, ਰਮੇਸ਼ ਕੁਮਾਰ ਨੂਰਪੁਰ ਬੇਦੀ, ਤਰਸੇਮ ਜੱਟਪੁਰ ਨੂਰਪੁਰ, ਪ੍ਰਕਾਸ਼ ਸਿੰਘ ਮੋਰਿੰਡਾ, ਬਲਵਿੰਦਰ ਸਿੰਘ ਚਮਕੌਰ ਸਾਹਿਬ, ਸੰਸਾਰ ਸਿੰਘ ਪਠਾਨਕੋਟ, ਨਿਰਮਲ ਸਿੰਘ ਜੰਡੀ ਜਿਲਾ ਪ੍ਰਧਾਨ ਨਵਾਂਸ਼ਹਿਰ,ਗੁਰਦਿਆਲ ਰੱਕੜ ਬਲਾਚੌਰ ਅਤੇ ਜਗਸੀਰ ਸਿੰਘ ਪੱਨੀਵਾਲਾ ਜਿਲਾ ਪ੍ਰਧਾਨ ਮੁਕਤਸਰ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!